1 of 25

ਚੰਡੀ ਦੀ ਵਾਰ

2 of 25

ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ,[1] ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ।

3 of 25

  • ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ।

4 of 25

  • ਚੰਡੀ ਦੀ ਵਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਸ ਦੇ ਆਰੰਭ ਦੀਆਂ ਪਹਿਲੀਆਂ ਦੋ ਪਉੜੀਆਂ ਮੰਗਲਾਚਰਨ ਦੀਆਂ ਹਨ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਨੂੰ ਧਿਆਇਆ ਹੈ। ਦੂਜੀ ਪਉੜੀ ਵਿਚ ਪਰਮਾਤਮਾ ਦੀ ਮਹਿਮਾ ਗਾਇਨ ਕੀਤੀ ਗਈ ਹੈ। ਨਿਰਣਾ ਇਹ ਕੱਢਿਆ ਹੈ ਕਿ ਇਸ ਸ਼ਕਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।

5 of 25

ਚੰਡੀ ਦੀ ਵਾਰ ਦw ਰੂਪਕ ਪੱਖ

6 of 25

ਬੋਲੀ: ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀਆਂ ਵਿਚ ਬੀਰ ਰਸ ਦਾ ਸੰਚਾਰ ਕਰਨ ਲਈ ਚੰਡੀ ਦੀ ਵਾਰ ਦੀ ਰਚਨਾ ਕੀਤੀ। ਪਰ ਇਸ ਦੀ ਠੇਠਤਾ ਬਾਰੇ ਵਿਦਵਾਨਾਂ ਵਿਚ ਮਤਭੇਦ ਹਨ।

7 of 25

ਇਸ ਗੱਲ ਨਾਲ ਤਾਂ ਕਿਸੇ ਨੂੰ ਵੀ ਮਤ-ਭੇਦ ਨਹੀਂ ਕਿ ਚੰਡੀ ਦੀ ਵਾਰ ਨਿਰੋਲ ਪੰਜਾਬੀ ਵਿਚ ਨਹੀਂ। ਇਸ ਗੱਲ ਦੀ ਪੁਸ਼ਟੀ ਲਈ ਇਕ ਦਲੀਲ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਚੰਡੀ ਚਰਿੱਤਰ ਨੂੰ ਬ੍ਰਿਜ ਭਾਸ਼ਾ ਵਿਚ ਰਚਣ ਤੋਂ ਬਾਦ ਏਸੇ ਕਹਾਣੀ ਨੂੰ ਮੁੜ ਵਾਰ ਦੇ ਰੂਪ ਵਿਚ ਲਿਖਣ ਦੀ ਲੋੜ ਸਵਾਇ ਇਸ ਗੱਲ ਤੋਂ ਹੋਰ ਹੈ ਹੀ ਕੀ ਸੀ ਇਸ ਅੱਦਭੁਤ ਬੀਰ ਰਸੀ ਕਥਾ ਨੂੰ ਆਮ ਪੰਜਾਬੀ ਲੋਕਾਂ ਦੇ ਪੜ੍ਹਨ ਲਈ ਲਿਖ ਦਿੱਤਾ ਜਾਵੇ। 

8 of 25

ਏਸੇ ਮਨੋਰਥ ਲਈ ਇਹ ਵਾਰ ਦੀਵਾਨਾਂ ਵਿਚ ਬੀਰ ਰਸੀ ਭਾਵ ਪੈਦਾ ਕਰਨ ਲਈ ਢਾਡੀਆਂ ਵੱਲੋਂ ਗਾ ਕੇ ਸੁਣਾਈ ਜਾਂਦੀ ਸੀ ਅਤੇ ਯੁੱਧ ਜਾਣ ਸਮੇਂ ਸਿੰਘ ਇਸ ਦਾ ਪਾਠ ਕਰਦੇ ਹਨ। ਇਸ ਵਾਰ ਦਾ ਪਿੰਡਾ ਨਿਰੋਲ ਪੰਜਾਬੀ ਹੋਣ ਦੇ ਬਾਵਜੂਦ ਵੀ ਇਸ ਵਿਚ ਵਰਤੀ ਬੋਲੀ ਨੂੰ ਠੇਠ ਪੰਜਾਬੀ ਨਹੀਂ ਕਿਹਾ ਜਾ ਸਕਦਾ।

9 of 25

ਗੁਰੂ ਸਾਹਿਬ ਦਾ ਬਹੁਤ ਸਾਰੀਆਂ ਬੋਲੀਆਂ ਤੋਂ ਜਾਣੂੰ ਹੋਣਾ ਇਸ ਦੀ ਭਾਸ਼ਾ ਉੱਤੇ ਵਿਦਵਤਾ ਦਾ ਭਾਰ ਪਾ ਦਿੰਦਾ ਹੈ, ਖਾਸ ਕਰਕੇ ਇਸ ਦੀ ਸ਼ਬਦਾਵਲੀ ਨੂੰ ਪੜ੍ਹਿਆਂ ਇਸ ਗੱਲ ਸਪਸ਼ਟ ਹੋ ਜਾਂਦੀ ਹੈ। ਅਨੇਕਾਂ ਸ਼ਬਦ ਲੋਕ ਬੋਲੀ ਵਿਚੋਂ ਨਹੀਂ ਸਗੋਂ ਵਿਦਵਾਨਾਂ ਦੀ ਸਾਹਿਤਕ ਪਰਨਾਲੀ ਵਿਚੋਂ ਲੈ ਕੇ ਖੁਲ੍ਹ ਦਿਲੀ ਨਾਲ ਵਰਤੇ ਗਏ ਹਨ।੧

10 of 25

ਕਾਲਾ ਸਿੰਘ ਬੇਦੀ ਚੰਡੀ ਦੀ ਵਾਰ ਦੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਕਰਾਰ ਦਿੰਦੇ ਹੋਏ ਲਿਖਦੇ ਹਨ:

ਕਲਗੀਧਰ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦੇ ਮਹਾਨ ਵਿਦਵਾਨ ਤੇ ਕਵੀ ਸਨ, ਇਸ ਲਈ ਉਹਨਾਂ ਦੇ ਕਾਵਿ ਵਿਚ ਸੰਸਕ੍ਰਿਤ, ਫ਼ਾਰਸੀ, ਅਰਬੀ, ਬ੍ਰਿਜੀ ਤੇ ਅਵਧੀ ਦੀ ਸ਼ਬਦਾਵਲੀ ਦਾ ਸ਼ਾਮਲ ਹੋ ਜਾਣਾ ਕੁਦਰਤੀ ਸੀ।

11 of 25

ਆਪ ਆਨੰਦਪੁਰ ਸਾਹਿਬ ਰਹਿੰਦੇ ਰਹੇ ਤੇ ਮਾਝੀ ਬੋਲੀ ਦੇ ਖੇਤਰ ਵਿਚ ਨਹੀਂ ਆਏ। ਸੋ ਆਪ ਜੀ ਉਪਰ ਦੁਆਬੀ ਬੋਲੀ ਦਾ ਅਧਿਕ ਅਸਰ ਸੀ। `ਚੰਡੀ ਦੀ ਵਾਰ` ਦੀ ਭਾਸ਼ਾ ਸਾਹਿਤਕ ਪੰਜਾਬੀ ਹੈ, ਪਰ ਕਿਤੇ ਕਿਤੇ `ਤੇ ਨਿਰੋਲ ਟਕਸਾਲੀ ਬੋਲੀ ਦੇ ਨੇੜੇ ਵੀ ਆ ਜਾਂਦੀ ਹੈ। ਅਸਲ ਵਿਚ ਬੀਰ ਰਸ ਨੂੰ ਉਘਾੜਨ ਲਈ, ਕਲਗੀਧਰ ਨੇ ਸਾਹਿਤਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।

12 of 25

ਇਸ ਬੋਲੀ ਦੇ ਅਨੇਕ ਸ਼ਬਦ – ਵਰਿਆਮੀ, ਅਲਾਮੀ, ਕੈਬਰ, ਕੇਜਮ, ਸਲਲੇ, ਪਾਖਰ, ਸੰਘਰ, ਦਸਤੁ, ਕੂਰਮ, ਗਿਰ, ਸਾਰ, ਬਰਗਾਸਤਨ – ਲੋਕ ਬੋਲੀ ਪੰਜਾਬੀ ਵਿਚੋਂ ਨਹੀਂ ਸਗੋਂ ਸਾਹਤਿਕ ਪ੍ਰਣਾਲੀ ਵਿਚੋਂ ਵੀਣੇ ਗਏ ਹਨ

13 of 25

ਜਗਜੀਤ ਸਿੰਘ ਇਸ ਵਾਰ ਦੀ ਬੋਲੀ ਲਹਿੰਦੀ ਮੰਨਦੇ ਹੋਏ ਲਿਖਦੇ ਹਨ, "ਇਸ ਵਾਰ ਦੀ ਬੋਲੀ ਲਹਿੰਦੀ ਹੈ ਜਿਸ ਵਿਚ ਦੁਆਬੀ, ਫ਼ਾਰਸੀ ਤੇ ਸੰਸਕ੍ਰਿਤ ਸ਼ਬਦਾਂ ਦਾ ਰਲਾ ਹੈ।

14 of 25

ਸ਼ਮਸ਼ੇਰ ਸਿੰਘ ਅਸ਼ੋਕ ਪਹਿਲਾਂ ਤਾਂ ਇਸ ਵਾਰ ਦੀ ਬੋਲੀ ਨੂੰ ਪੁਰਾਣੀ ਪੰਜਾਬੀ ਕਰਾਰ ਦਿੰਦੇ ਹਨ, ਜੋ ਕਿਤੋਂ ਕਿਤੋਂ ਰਾਜਪੁਤਾਨੀ ਨਾਲ ਮਿਲਦੀ ਜੁਲਦੀ ਜਾਪਦੀ ਹੈ੪ ਪਰ ਅੱਗੇ ਜਾ ਕੇ ਇਹੋ ਵਿਦਵਾਨ ਇਸ ਵਾਰ ਦੀ ਪੰਜਾਬੀ ਨੂੰ `ਮਲਵਈ` ਪੰਜਾਬੀ ਦੱਸਦੇ ਹਨ।

15 of 25

ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਚੰਡੀ ਦੀ ਵਾਰ ਪੰਜਾਬੀ ਵਿਚ ਹੈ ਪਰ ਇਸ ਵਿਚ ਦੂਜੀਆਂ ਬੋਲੀਆਂ ਅਤੇ ਪੰਜਾਬੀਆਂ ਦੀਆਂ ਉਪ-ਭਾਸ਼ਾਵਾਂ ਦੇ ਸ਼ਬਦਾਂ ਦਾ ਉਪਯੋਗ ਵੀ ਕੀਤਾ ਗਿਆ ਹੈ। ਇਸ ਦਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਵਿਦਵਾਨ ਹੋਣਾ ਹੈ।

16 of 25

ਮਾਝੀ: ਚੰਡੀ ਦੀ ਵਾਰ ਵਿਚ ਮਾਝੀ ਸ਼ਬਦਾਵਲੀ ਕਾਫੀ ਗਿਣਤੀ ਵਿਚ ਵਰਤੀ ਗਈ ਹੈ, ਜਿਵੇਂ ਸੀਹੁ ਮੰਗਾਇਆ, ਚਿੰਤਾ ਕਰਹੁ ਨ, ਦੇਵਾਂ ਨੂੰ ਆਖਿਆ, ਖੇਤ ਅੰਦਰ ਜੋਧੇ ਗੱਜੇ, ਦੇਖਨ ਚੰਡ ਪ੍ਰਚੰਡ ਨੂੰ, ਕਦੇ ਨ ਨਠੋ, ਮਾਰੇ ਚੰਡ ਪ੍ਰਚੰਡ ਨੇ, ਚੋਟ ਪਈ ਦਮਾਮੇ ਦਲਾਂ ਮੁਕਾਬਲਾ, ਲੱਖ ਨਗਾਰੇ ਵੱਜਣ, ਸੀਹਾਂ ਵਾਗੂ ਗੱਜਣ, ਰਾਕਸ਼ ਵੱਡੇ, ਕਦੇ ਨ ਆਖਨ ਹਾਰੇ, ਕੜਕ ਉਠਿਆ, ਸੱਟ ਪਈ ਜਮਧਾਣੀ, ਦਿਤੇ ਦਿਉ ਭਜਾਈ, ਕਦੇ ਨ ਰੱਜੇ, ਮਤਾ ਪਕਾਇਆ, ਆਦਿ।

17 of 25

ਮਲਵਈ: ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਆ ਕੇ ਬਹੁਤ ਸਮਾਂ ਮਾਲਵੇ ਵਿਚ ਰਹੇ। ਇਸ ਲਈ ਉਨ੍ਹਾਂ ਦੀ ਭਾਸ਼ਾ ਉੱਤੇ ਮਲਵਈ ਭਾਸ਼ਾ ਦਾ ਪ੍ਰਭਾਵ ਸੁਭਾਵਕ ਹੀ ਸੀ। ਸਉਹੈ, ਆਦਾ, ਤਿਖਾ, ਭਜਨਾ, ਸਾਤੇ ਆਦਿ ਸ਼ਬਦ ਉਦਾਹਰਨ ਵਜੋਂ ਪੇਸ਼ ਕੀਤੇ ਜਾ ਸਕਦੇ ਹਨ। ਸ਼ਮਸ਼ੇਰ ਸਿੰਘ ਅਸ਼ੋਕ ਤਾਂ ਇਥੋਂ ਤੀਕ ਲਿਖਦੇ ਹਨ ਕਿ `ਚੰਡੀ ਦੀ ਵਾਰ` ਦੀ ਪੰਜਾਬੀ ਮਲਵਈ ਪੰਜਾਬੀ ਹੈ ਜਿਸ ਵਿਚ ਮਾਝੇ ਦੀ ਤੇ ਲਹਿੰਦੇ ਦੀ ਬੋਲੀ ਦਾ ਬਹੁਤ ਘਟ ਅਸਰ ਹੈ।

18 of 25

ਦੁਆਬੀ: ਦੁਆਬੀ ਵਿਚ `ਵ` ਦੀ ਥਾਂ `ਬ` ਦੀ ਵਰਤੋਂ ਆਮ ਹੁੰਦੀ ਹੈ। `ਚੰਡੀ ਦੀ ਵਾਰ` ਵਿਚ ਵੀ ਅਜਿਹਾ ਕਈ ਥਾਵਾਂ `ਤੇ ਕੀਤਾ ਗਿਆ ਹੈ। ਜਿਵੇਂ ਬਡੇ ਬਡੇ, ਬੁਠੀ, ਬਾਹਣ, ਬਜੁਇਕੈ, ਬਰਦਾਨੀ, ਬੱਜਿਆ, ਬਾਢੀਆਂ ਆਦਿ। ਪਰ ਜੀ.ਐਲ. ਸ਼ਰਮਾ ਇਸ ਨੂੰ ਬ੍ਰਿਜ ਭਾਸ਼ਾ ਦਾ ਪ੍ਰਭਾਵ ਮੰਨਦਾ ਹੈ ਕਿਉਂਕਿ ਬ੍ਰਿਜ ਵਿਚ ਵੀ `ਵ` ਨੂੰ `ਬ` ਉਚਾਰਨ ਕਰਨ ਦਾ ਸੁਭਾਅ ਹੈ।

19 of 25

ਲਹਿੰਦੀ: ਪੰਜਾਬੀ ਸਾਹਿਤ ਵਿਚ ਲਹਿੰਦੀ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਰਿਹਾ ਹੈ। ਕਿਸੇ ਸਮੇਂ ਸਤਲੁਜ ਤੋਂ ਪਾਰ ਬ੍ਰਿਜ ਤੇ ਪੱਛਮ ਵੱਲ ਲਹਿੰਦੀ ਸਾਹਿਤਕ ਭਾਸ਼ਾ ਸੀ। ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਦਮੋਦਰ ਆਦਿ ਅਨੇਕਾਂ ਲੇਖਕ ਆਪਣੀ ਰਚਨਾ ਲਹਿੰਦੀ ਵਿਚ ਕਰ ਚੁੱਕੇ ਸਨ। ਵਾਰ ਵਿਚ ਵੀ ਅਨੇਕਾਂ ਸ਼ਬਦ ਲਹਿੰਦੀ ਦੇ ਮਿਲਦੇ ਹਨ ਜਿਵੇਂ ਲਾੜੀਆਂ, ਜਰਵਾਣਾ, ਦਿਹਾੜੇ, ਰਜ਼ਾਈ, ਪਛਾੜੀਅਨ, ਤੜਫੀਅਨ, ਮੰਗਾਇਸੁ, ਜਾਸਨ, ਤੱਕੀ, ਲਿਆਵਣੀ, ਸੁਣੰਦੀ, ਮਰੜਾਇਕੈ, ਗਣਨਾਇਕੈ, ਖੁਨਸਾਇਕੈ, ਰੋਸ ਬਢਾਇਕੈ, ਆਦਿ।

20 of 25

ਬ੍ਰਿਜ: ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਰਚਨਾ ਬ੍ਰਿਜ ਭਾਸ਼ਾ ਵਿਚ ਕੀਤੀ ਸੀ ਤੇ ਉਹਨਾਂ ਦੇ ਬਹੁਤ ਦਰਕਾਰੀ ਕਵੀ ਵੀ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ, ਇਸ ਲਈ ਬ੍ਰਿਜ ਭਾਸ਼ਾ ਉਹਨਾਂ ਦੀ ਰਚਨਾ ਦਾ ਅਨਿਖੜਵਾਂ ਅੰਗ ਬਣ ਗਈ ਸੀ। ਇਹ ਵਾਰ ਭਾਵੇਂ ਗੁਰੂ ਜੀ ਨੇ ਪੰਜਾਬੀ ਵਿਚ ਰਚੀ ਪਰ ਬ੍ਰਿਜ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਹੋਣਾ ਸੁਭਾਵਕ ਸੀ।

21 of 25

ਪੋਠੋਹਾਰੀ: ਕਈ ਸ਼ਬਦ ਪੋਠੋਹਾਰੀ ਦੇ ਹਨ ਜਿਵੇਂ ਨਿਕਥੇ, ਰਜਾਈ, ਜੀਵਾ ਆਦਿ।

22 of 25

ਰਾਜਸਥਾਨੀ: ਰਾਜਸਥਾਨੀ ਭਾਸ਼ਾ ਵਿਚ ਕਈ ਸ਼ਬਦ ਆਏ ਹਨ ਜੋ ਘਟ ਜਾਂ ਵਧ ਉਸੇ ਰੂਪ ਵਿਚ ਵਰਤੇ ਹਨ ਜਿਵੇਂ ਕਿ ਉਸ ਭਾਸ਼ਾ ਵਿਚ ਮੌਜੂਦ ਸਨ। ਉਦਾਹਰਨ ਵਜੋਂ: ਵਥ, ਛੱਤ੍ਰ, ਵੱਧ, ਮਾਰੀਅਨ, ਬਢਿ, ਭਾਗਿਆ, ਘਾਲੀ, ਚਾਲੀ, ਬ੍ਰਿਜ, ਪੱਬਾਂ।

23 of 25

ਸੰਸਕ੍ਰਿਤ: ਸੰਸਕ੍ਰਿਤ ਦੇ ਸ਼ਬਦ ਤਤਸਮ ਤੇ ਤਦਭਵ ਦੋਵਾਂ ਰੂਪਾਂ ਵਿਚ ਮਿਲਦੇ ਹਨ ਪਰ ਇਹਨਾਂ ਦੀ ਗਿਣਤੀ ਬਹੁਤ ਥੌੜ੍ਹੀ ਹੈ। ਤਤਸਮ ਜਿਵੇਂ ਅਮਰਾਵਤੀ, ਗਜ਼, ਕੂਰਮ, ਗਦਾ, ਤ੍ਰਿਸ਼ੂਲ, ਛਤਰ, ਨਾਰਦ, ਗਦਾ, ਰਮਤ ਆਦਿ। ਤਦਭਵ ਜਿਵੇਂ ਨਉਨਿਧ, ਰੋਹ, ਦੈਂਤ, ਧੁਮਕੇਤ, ਭਗਉਤੀ, ਜੋਗਣੀਆਂ, ਤ੍ਰਸੂਲਾਂ, ਭੁਜੰਗਮ, ਜਮ ਆਦਿ।

24 of 25

ਅਰਬੀ ਫ਼ਾਰਸੀ: ਉਸ ਸਮੇ ਫ਼ਾਰਸੀ ਦਰਬਾਰੀ ਭਾਸ਼ਾ ਸੀ ਇਸ ਲਈ ਫ਼ਾਰਸੀ ਅਰਬੀ ਮੂਲ ਦੇ ਸ਼ਬਦਾਂ ਦਾ ਆ ਜਾਣਾ ਸੁਭਾਵਿਕ ਹੀ ਸੀ। ਦੂਜਾ, ਗੁਰੂ ਜੀ ਫ਼ਾਰਸੀ ਭਾਸ਼ਾ ਦੇ ਵਿਦਵਾਨ ਵੀ ਸਨ ਜਿਵੇਂ ਕਿ ਜਫ਼ਰਨਾਮਾ ਤੋਂ ਸਪਸ਼ਟ ਹੁੰਦਾ ਹੈ। ਅਰਬੀ ਫ਼ਾਰਸੀ ਦੇ ਤਤਸਮ ਦੇ ਤਦਭਵ ਦੋਵੇਂ ਪ੍ਰਕਾਰ ਦੇ ਸ਼ਬਦ ਮਿਲਦੇ ਹਨ। ਤਤਸਮ ਜਿਵੇਂ ਤਾਰੀਫ਼, ਹਾਜੀ, ਪਾਜੀ, ਤਾਜੀ, ਦਹਸ਼ਤ, ਫਰਮਇਸ਼, ਗੋਸ਼ਤ, ਦਸਤ, ਰਹਮਤ, ਬੁੰਦ। ਤਤਭਵ ਜਿਵੇਂ ਤਰਵਾਰ, ਨਦਰ, ਸ਼ਾਬਾਸ਼, ਨਿਵਾਜੀ, ਬਖ਼ਤਰ, ਪਾਖਰ, ਫਰੇਸਤੇ।

25 of 25

ਚੰਡੀ ਦੀ ਵਾਰ` ਵਿਚ `ਆਦਿ ਗ੍ਰੰਥ` ਵਾਲੀ ਵਿਆਕਰਣ ਪ੍ਰਣਾਲੀ ਚੱਲ ਰਹੀ ਹੈ, ਭਾਵੇਂ ਹੁਣ ਤੀਕ ਕਾਫ਼ੀ ਫਰਕ ਪੈ ਚੁਕਾ ਹੈ। ਸਿਹਾਰੀ ਤੇ ਔਂਕੜ ਦੀ ਕਾਫ਼ੀ ਵਰਤੋਂ ਕੀਤੀ ਗਈ ਹੈ। ਬੇਸ਼ੱਕ ਕਈ ਥਾਈਂ ਇਹ ਮਾਤਰਾਵਾਂ ਵਾਧੂ ਹੀ ਜਾਪਦੀਆਂ ਹਨ ਪਰੰਤੂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਦੋਂ ਆਦਿ ਗ੍ਰੰਥ ਵਾਲੀ ਵਿਆਕਰਣ ਪ੍ਰਣਾਲੀ ਅਜੇ ਜਾਰੀ ਸੀ ਜਿਵੇਂ: ਅੰਤੁ, ਸੂਰਜੁ, ਨਦਰਿ, ਦੁਖਿਆ, ਸਤਜੁਗ, ਅਭਿਮਾਨੁ, ਬੀਰੁ, ਖੇਤੁ, ਸੈਸਾਰ, ਸਿੰਧੁ, ਤਨੁ, ਬਲੁ, ਬਾਦੁ, ਚੁਣਿ ਚੁਣਿ ਆਦਿ