ਅਪ੍ਰੇਸ਼ਨ ਗਰੀਨ ਹੰਟ ਦਾ ਫਾਸ਼ੀ ਚਿਹਰਾ- ਅਖਬਾਰਾਂ ਦੇ ਝਰੋਖੇ 'ਚੋਂ
ਕਬਾਇਲੀ ਪਿੰਡਾਂ 'ਤੇ ਕਹਿਰ
ਅਪ੍ਰੇਸ਼ਨ 11 ਮਾਰਚ ਨੂੰ ਪਹੁ ਫੁੱਟਣ ਤੋਂ ਪਹਿਲਾਂ ਸ਼ੁਰੂ ਹੋਇਆ। ਸਾਢੇ ਤਿੰਨ ਸੌ ਤੋਂ ਵੱਧ ਹਥਿਆਰਾਂ ਨਾਲ ਲੱਦੇ ਹੋਏ ਸੁਰੱਖਿਆ ਦਸਤੇ ਦਾਂਤੇਵਾੜਾ ਦੇ ਜੰਗਲਾਂ ਵਿੱਚ ਦਾਖਲ ਹੋਏ। ਪੰਜ ਦਿਨਾਂ ਬਾਅਦ ਉਹ ਆਪਣੀਆਂ ਬੈਰਕਾਂ ਵਿੱਚ ਵਾਪਸ ਪਰਤੇ। ਉਦੋਂ ਤੱਕ ਤਿੰਨ ਪਿੰਡਾਂ ਨੂੰ ਅੱਗਾਂ ਲਾਈਆਂ ਜਾ ਚੁੱਕੀਆਂ ਸਨ। ਤਿੰਨ ਸੌ ਘਰ ਫੂਕ ਦਿੱਤੇ ਗਏ ਸਨ। ਅਨਾਜ ਨਸ਼ਟ ਕਰ ਦਿੱਤਾ ਗਿਆ ਸੀ। ਤਿੰਨ ਵਿਅਕਤੀ ਮਾਰੇ ਜਾ ਚੁੱਕੇ ਸਨ ਅਤੇ ਤਿੰਨ ਔਰਤਾਂ ਦੀ ਇੱਜਤ ਲੁੱਟੀ ਜਾ ਚੁੱਕੀ ਸੀ। ਇਹ ਜਾਣਕਾਰੀ ਬਹੁਤ ਸਾਰੇ ਪੀੜਤਾਂ ਅਤੇ ਮੌਕੇ ਦੇ ਗਵਾਹਾਂ ਵੱਲੋਂ 'ਦੀ ਹਿੰਦੂ' ਦੇ ਪੱਤਰਕਾਰਾਂ ਨੂੰ ਦਿੱਤੀ ਗਈ। ਪਿਛਲੇ ਹਫਤੇ ਛੱਤੀਸਗੜ੍ਹ ਪੁਲਸ ਨੇ ਦੱਸਿਆ ਸੀ ਕਿ ਇੱਕ ਆਮ ਤਲਾਸ਼ੀ ਦੌਰਾਨ ਮਾਓਵਾਦੀਆਂ ਨੇ ਤਿੰਨ ਕੋਇਆ ਕਮਾਂਡੋਆਂ ਨੂੰ ਘਾਤ ਲਾ ਕੇ ਕੀਤੇ ਹਮਲੇ ਵਿੱਚ ਮਾਰ ਦਿੱਤਾ ਸੀ। ਪਰ ਜਦੋਂ ਪੱਤਰਕਾਰਾਂ ਨੇ ਮੌਕੇ 'ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਬੰਦੂਕਾਂ ਲਹਿਰਾਉਂਦੇ ਪੁਲਸ ਅਫਸਰਾਂ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਇਹ ਪੱਤਰਕਾਰ ਇੱਕ ਜੰਗਲੀ ਰਸਤੇ ਰਾਹੀਂ ਇਲਾਕੇ ਵਿੱਚ ਪਹੁੰਚਿਆ। ਉਸਨੂੰ ਜੋ ਨਜ਼ਰ ਆਇਆ, ਉਹ ਸੁਰੱਖਿਆ ਬਲਾਂ ਵੱਲੋਂ ਤਿੰਨ ਕਬਾਇਲੀ ਬਸਤੀਆਂ 'ਤੇ ਕੀਤੇ ਹਮਲੇ ਦੀਆਂ ਨਿਸ਼ਾਨੀਆਂ ਸਨ। ਚਿੰਤਲਨਾਰ ਪੁਲਸ ਕੈਂਪ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਕੀਤੇ ਇਹਨਾਂ ਹਮਲਿਆਂ ਦੌਰਾਨ ਸੈਂਕੜੇ ਲੋਕ ਵਹਿਸ਼ੀ ਜਬਰ ਦਾ ਨਿਸ਼ਾਨਾ ਬਣੇ ਅਤੇ ਬੇਘਰੇ ਕਰ ਦਿੱਤੇ ਗਏ। ਥੱਲੇ ਜੋ ਵੇਰਵੇ ਦਿੱਤੇ ਜਾ ਰਹੇ ਹਨ ਉਹ ਪੇਂਡੁ ਲੋਕਾਂ ਨਾਲ ਹੋਈ ਗੱਲਬਾਤ 'ਤੇ ਅਧਾਰਤ ਹਨ, ਜਿਹਨਾਂ ਨੇ ਬਾਕਾਇਦਾ ਬਿਆਨ ਦਿੱਤੇ। ਇਸ ਤੋਂ ਇਲਾਵਾ, ਇਹ ਉਹਨਾਂ ਸੀਨੀਅਰ ਪੁਲਸ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ 'ਤੇ ਅਧਾਰਤ ਹਨ, ਜਿਹਨਾਂ ਨੇ ਇਸ ਸ਼ਰਤ 'ਤੇ ਖੁੱਲ੍ਹ ਕੇ ਗੱਲ ਕਰਨੀ ਕਬੂਲ ਕੀਤੀ ਕਿ ਉਹਨਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ। ਜਿਹਨਾਂ ਔਰਤਾਂ ਨਾਲ ਬਲਾਤਕਾਰ ਹੋਏ, ਉਹਨਾਂ ਦੀ ਪਛਾਣ ਛੁਪਾਉਣ ਲਈ ਨਾਂ ਬਦਲੇ ਗਏ ਹਨ।
ਮਾਰਚ ਦੇ ਪਹਿਲੇ ਹਫਤੇ ਪੁਲਸ ਅਤੇ ਸੀ.ਆਰ.ਪੀ. ਨੇ ਅਪ੍ਰੇਸ਼ਨ ਦੀ ਵਿਉਂਤਬੰਦੀ ਕੀਤੀ। ਇਹ ਅਪ੍ਰੇਸ਼ਨ ਸੀ.ਆਰ.ਪੀ. ਦੀ ਵਿਸ਼ੇਸ਼ ਕੋਬਰਾ ਬਟਾਲੀਅਨ ਅਤੇ ਕੋਇਆ ਪੁਲਸ ਕਮਾਂਡੋਆਂ ਵੱਲੋਂ ਕੀਤਾ ਗਿਆ। ਕੋਇਆ ਕਮਾਂਡੋ ਪੁਲਸ ਵੱਲੋਂ ਖੜ੍ਹੇ ਕੀਤੇ ਕਬਾਇਲੀ ਹਥਿਆਰਬੰਦ ਦਸਤੇ ਹਨ, ਜਿਹਨਾਂ 'ਚ ਆਦਿਵਾਸੀ ਨੌਜਵਾਨਾਂ ਅਤੇ ਆਤਮ-ਸਮਰਪਣ ਕਰ ਚੁੱਕੇ ਮਾਓਵਾਦੀਆਂ ਨੂੰ ਭਰਤੀ ਕੀਤਾ ਗਿਆ ਹੈ। ਆਤਮ ਸਮਰਪਣ ਕਰ ਚੁੱਕੇ ਇੱਕ ਮਾਓਵਾਦੀ ਨੇ ਦਾਅਵਾ ਕੀਤਾ ਕਿ ਮੋਰਪੱਲੀ ਪਿੰਡ ਵਿੱਚ ਗੁਰੀਲਿਆਂ ਦੀ ਹਥਿਆਰਾਂ ਦੀ ਫੈਕਟਰੀ ਹੈ। ਇਹ ਪਿੰਡ ਚਿੰਤਲਨਾਰ ਪੁਲਸ ਕੈਂਪ ਤੋਂ 2 ਘੰਟਿਆਂ ਦੀ ਪੈਦਲ ਦੂਰੀ 'ਤੇ ਹੈ। ਇਹ ਜਾਣਕਾਰੀ 'ਦਾ ਹਿੰਦੂ' ਨੂੰ ਇੱਕ ਪੁਲਸ ਅਧਿਕਾਰੀ ਵੱਲੋਂ ਦਿੱਤੀ ਗਈ। ਉਸ ਮੁਤਾਬਕ ਸੂਹੀਆ ਸੂਚਨਾਵਾਂ ਰਾਹੀਂ ਇਹ ਸੰਕੇਤ ਮਿਲੇ ਕਿ ਨੇੜੇ ਹੀ ਸੌ ਮਾਓਵਾਦੀ ਛੁਪੇ ਹੋਏ ਹਨ, ਜਿਹਨਾਂ ਵਿੱਚ ਆਂਧਰਾ ਪ੍ਰਦੇਸ਼ ਤੋਂ ਆਇਆ ਜੈ ਕਿਸ਼ਨ ਨਾਂ ਦਾ ਉੱਚ ਪੱਧਰਾ ਮਾਓਵਾਦੀ ਕਾਡਰ ਵੀ ਸ਼ਾਮਲ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ''11 ਮਾਰਚ ਨੂੰ 200 ਕੋਇਆ ਕਮਾਂਡੋ ਅਤੇ 150 ਕੋਬਰਾ ਦਸਤੇ ਚਿੰਤਲਨਾਰ ਤੋਂ ਸਵੇਰੇ ਚਾਰ ਵਜੇ ਚੱਲ ਪਏ ਤਾਂ ਜੋ ਹਥਿਆਰਾਂ ਦੀ ਫੈਕਟਰੀ ਤਬਾਹ ਕੀਤੀ ਜਾ ਸਕੇ।
ਪਰ ਮੋਰਪੱਲੀ ਦੇ ਸਾਬਕਾ ਸਰਪੰਚ ਨੂਪੋਮੁੱਤਾ ਨੇ ਦੱਸਿਆ, ''ਉਹਨਾਂ ਨੇ ਹਵਾਈ ਫਾਇਰ ਕੀਤੇ ਅਤੇ ਅਸੀਂ ਦੌੜ ਕੇ ਜੰਗਲਾਂ ਵਿੱਚ ਜਾ ਵੜੇ।'' ਪਰ 30 ਸਾਲਾਂ ਦਾ ਮਾਦਵੀ ਸੁੱਲਾ ਤੇਜੀ ਨਾਲ ਭੱਜ ਨਾ ਸਕਿਆ। ਉਸਦੀ ਪਤਨੀ ਮਾਦਵੀ ਹੁੰਗੇ ਨੇ ਦੱਸਿਆ, ''ਮੇਰਾ ਪਤੀ ਇੱਕ ਰੁੱਖ 'ਤੇ ਚੜ੍ਹਿਆ ਹੋਇਆ ਸੀ ਅਤੇ ਤਾਮਰਿੰਡਾਂ ਤੋੜ ਰਿਹਾ ਸੀ।.. ..ਪੁਲਸ ਨੇ ਉਸਨੂੰ ਦੇਖਦਿਆਂ ਦੀ ਗੋਲੀ ਚਲਾ ਦਿੱਤੀ। ਮੈਂ ਉਹਨਾਂ ਨੂੰ ਰੁਕਣ ਲਈ ਵਾਸਤੇ ਪਾਏ। ਉਹਨਾਂ ਨੇ ਮੇਰੇ ਕੱਪੜੇ ਪਾੜ ਦਿੱਤੇ ਅਤੇ ਧਮਕੀਆਂ ਦਿੱਤੀਆਂ।'' ਹੁੰਗੇ ਬਚ ਕੇ ਦੌੜ ਗਈ, ਪੁਲਸ ਟੁਕੜੀ ਪਿੰਡ ਅੰਦਰ ਨੂੰ ਅੱਗੇ ਚੱਲ ਪਈ। ਸੁੱਲਾ ਦੀ ਲਾਸ਼ ਦਰਖਤ ਉੱਤੋਂ ਲਮਕ ਰਹੀ ਸੀ।
45 ਸਾਲਾਂ ਦੀ ਐਮਲਾ ਗਾਂਗੀ ਨੇ ਦੱਸਿਆ, ''ਜਦੋਂ ਪੁਲਸ ਆਈ ਮੈਂ ਖੇਤਾਂ 'ਚ ਤੇਂਦੂ ਪੱਤੇ ਤੋੜ ਰਹੀ ਸੀ। ਉਹਨਾਂ ਨੇ ਕਿਹਾ ਕਿ ਮੈਂ ਮਾਓਵਾਦੀਆਂ ਲਈ ਜਾਸੂਸੀ ਕਰਦੀ ਹਾਂ। ਉਹਨਾਂ ਨੇ ਮੈਨੂੰ ਧਰਤੀ 'ਤੇ ਸੁੱਟ ਲਿਆ, ਮੇਰੇ ਕੱਪੜੇ ਉਤਾਰ ਦਿੱਤੇ ਅਤੇ ਮੇਰੀਆਂ ਦੋ ਧੀਆਂ ਸਾਹਮਣੇ ਮੈਨੂੰ ਬੇਇੱਜਤ ਕੀਤਾ। ਉਹਨਾਂ ਨੇ ਮੇਰੀ ਕਮਰ ਨਾਲ ਬੰਨ੍ਹੀ ਥੈਲੀ 'ਚੋਂ ਰੁਪਏ ਚੋਰੀ ਕਰ ਲਏ।''
ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਸ ਦੁਪਹਿਰ ਨੂੰ ਵਾਪਸ ਪਰਤੀ, ਉਦੋਂ ਤੱਕ ਸੈਂਤੀ ਘਰਾਂ ਨੂੰ ਅੱਗ ਲਾਈ ਜਾ ਚੁੱਕੀ ਸੀ। ਉਹ 45 ਸਾਲਾ ਮਾਲਵੀ ਗੰਗਾ ਉਸਦੇ ਪੁੱਤਰ ਬੀਮਾ ਅਤੇ 20 ਸਾਲਾਂ ਦੀ ਧੀ ਹੁੱਰਰੇ ਨੂੰ ਚੁੱਕ ਕੇ ਲੈ ਗਏ। ''ਹੁੱਰਰੇ ਨੇ ਦੱਸਿਆ ਉਹ ਸਾਨੂੰ ਚਿੰਤਲਨਾਰ ਪੁਲਸ ਥਾਣੇ ਵਿੱਚ ਲੈ ਗਏ। ਉਹਨਾਂ ਨੇ ਮੈਨੂੰ ਵੱਖਰੇ ਸੈੱਲ ਵਿੱਚ ਰੱਖਿਆ ਅਤੇ ਮੇਰੇ ਕੱਪੜੇ ਲਾਹ ਦਿੱਤੇ ਗਏ।'' ਉਸਨੇ ਦੱਸਿਆ ਕਿ ਉਸ ਨੂੰ ਸਾਰੀ ਰਾਤ ਥਾਣੇ ਵਿੱਚ ਰੱਖ ਕੇ ਬਲਾਤਕਾਰ ਕੀਤਾ ਜਾਂਦਾ ਰਿਹਾ। ਗੰਗਾ ਅਤੇ ਬੀਮਾ ਨੇ ਦੱਸਿਆ ਕਿ ਪੁਲਸ ਉਹਨਾਂ ਨੂੰ ਸਾਰੀ ਰਾਤ ਕੁੱਟਦੀ ਰਹੀ ਅਤੇ ਪੁੱਛਦੀ ਰਹੀ ਕਿ ਕੀ ਮਾਓਵਾਦੀ ਪਿੰਡ ਵਿੱਚ ਆਉਂਦੇ ਹਨ? ਮਾਦਵੀ ਪਰਿਵਾਰ ਨੂੰ ਉਦੋਂ ਹੀ ਛੱਡਿਆ ਗਿਆ ਜਦੋਂ ਮੋਰਪੱਲੀ ਪਿੰਡ ਦੀਆਂ ਔਰਤਾਂ ਉਹਨਾਂ ਦੀ ਰਿਹਾਈ ਦੀ ਮੰਗ ਕਰਨ ਲਈ ਚਿੰਤਲਨਾਰ ਥਾਣੇ ਪੁੱਜ ਗਈਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਉਹਨਾਂ ਨੂੰ ਮੋਰਪੱਲੀ ਪਿੰਡ ਵਿੱਚ ਨਾ ਕੋਈ ਮਾਓਵਾਦੀ ਮਿਲਿਆ, ਨਾ ਕੋਈ ਹਥਿਆਰਾਂ ਦੀ ਫੈਕਟਰੀ ਮਿਲੀ। ਸਿਰਫ 15 ਫੁੱਟ ਦੀ ਇੱਕ ਲਾਟ ਮਿਲੀ, ਜਿਸ ਉੱਤੇ ਮਾਰੇ ਜਾ ਚੁੱਕੇ ਅੱਠ ਮਾਓਵਾਦੀਆਂ ਨੂੰ ਸ਼ਰਧਾਂਜਲੀ ਉੱਕਰੀ ਹੋਈ ਸੀ।
13 ਮਾਰਚ ਨੂੰ ਤੀਮਾਪੁਰਮ ਪਿੰਡ ਅਪ੍ਰੇਸ਼ਨ ਦੀ ਮਾਰ ਹੇਠ ਆਇਆ। ਅਪ੍ਰੇਸ਼ਨ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ''ਅਪ੍ਰੇਸ਼ਨ ਬਾਰੇ ਮੱਤਭੇਦ ਪੈਦਾ ਹੋ ਗਏ ਸਨ। ਕੋਬਰਾ ਰਾਤ ਨੂੰ ਅਪ੍ਰੇਸ਼ਨ ਕਰਨਾ ਚਾਹੁੰਦੇ ਸਨ। ਜਦੋਂ ਕਿ ਕੋਇਆ ਦਿਨੇ ਹਮਲਾ ਕਰਨਾ ਚਾਹੁੰਦੇ ਸਨ।.. ..ਇਸ ਕਰਕੇ ਕੋਇਆ ਆਪਣੀ ਮਰਜੀ ਨਾਲ ਹੀ ਅਪ੍ਰੇਸ਼ਨ ਲਈ ਚੱਲ ਪਏ।'' ਰਸਤੇ ਵਿੱਚ ਜਾਂਦਿਆਂ ਕੋਇਆ ਦਸਤੇ ਫੂਲਨਪੜ ਪਿੰਡ ਵਿੱਚ ਰੁਕੇ ਅਤੇ ਬਰਸੇਬੀਮਾ ਤੇ ਮਨੂੰ ਯਾਦਵ ਨੂੰ ਚੁੱਕ ਕੇ ਲੈ ਗਏ। ਤਿਮਾਪੁਰਮ ਪਿੰਡ ਦੇ ਲੋਕਾਂ ਨੂੰ ਜਦੋਂ ਪਿੰਡ ਵੱਲ ਵਧ ਰਹੇ ਕੋਇਆ ਦਸਤਿਆਂ ਬਾਰੇ ਪਤਾ ਲੱਗਿਆ ਤਾਂ ਉਹ ਜੰਗਲ ਨੂੰ ਦੌੜ ਗਏ। ਪਿੰਡ ਵਾਸੀ ਮਲਕਮ ਬੁਦਰਾ ਨੇ ਦੱਸਿਆ, ''ਕੋਇਆ ਦੁਪਹਿਰ ਤੋਂ ਬਾਅਦ ਦੋ ਵਜੇ ਪਿੰਡ ਵਿੱਚ ਆਏ। ਉਹਨਾਂ ਨੇ ਕੈਂਪ ਲਾ ਲਿਆ। ਚੂਚੇ ਅਤੇ ਬੱਕਰੀਆਂ ਮਾਰ ਲਈਆਂ ਅਤੇ ਛਕਣ ਲੱਗ ਪਏ।'' ਬੁਦਰਾ ਨੇ ਦੱਸਿਆ ਕਿ ਕੋਇਆ ਰਾਤ ਭਰ ਪਿੰਡ ਵਿੱਚ ਰਹੇ। ਪੁਲਸ ਨੇ ਇਸ ਤੱਥ ਦੀ ਪੁਸ਼ਟੀ ਕੀਤੀ। ਅਗਲੀ ਸਵੇਰ ਮਾਓਵਾਦੀਆਂ ਨੇ ਘਾਤ ਲਾ ਕੇ ਹਮਲਾ ਕੀਤਾ, ਜਿਹੜਾ ਦੋ ਘੰਟੇ ਜਾਰੀ ਰਿਹਾ। ਤਿੰਨ ਕੋਇਆ ਮਾਰੇ ਗਏ ਅਤੇ 9 ਜਖ਼ਮੀ ਹੋ ਗਏ। ਇੱਕ ਹੈਲੀਕਾਪਟਰ ਆਇਆ ਅਤੇ ਜਖ਼ਮੀਆਂ ਨੂੰ ਲੈ ਕੇ ਗਿਆ। ਕੋਇਆ ਦਸਤਿਆਂ ਨੇ ਅਗਲੀ ਰਾਤ ਪਿੰਡ ਵਿੱਚ ਹੀ ਗੁਜਾਰੀ ਅਤੇ 15 ਮਾਰਚ ਸਵੇਰ ਨੂੰ ਵਾਪਸ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ 50 ਘਰਾਂ ਅਤੇ ਅਨਾਜ ਦੇ ਮੱਟਾਂ ਨੂੰ ਅੱਗ ਲਾ ਦਿੱਤੀ। ਉਹਨਾਂ ਨੇ ਬੰਦੀ ਬਣਾਏ ਬਰਸੇ ਬੀਮਾ ਨੂੰ ਕੁਹਾੜੇ ਨਾਲ ਵੱਢ ਦਿੱਤਾ। ਉਸਦੀ ਪਤਨੀ ਬਰਸੇ ਲਕਮੇ ਨੇ ਦੱਸਿਆ ਕਿ ''ਮੇਰੇ ਪਤੀ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ। ਉਸਦੀ ਗਰਦਨ ਦੀ ਜੜ੍ਹ ਵਿੱਚ ਕੁਹਾੜੇ ਦੇ ਟੱਕ ਦਾ ਨਿਸ਼ਾਨ ਸੀ, ਦੋ ਟੱਕ ਉਸਦੀ ਛਾਤੀ ਉੱਤੇ ਸਨ।'' ਦੂਜੇ ਬੰਦੀ ਮਨੂੰ ਯਾਦਵ ਨੂੰ ਚਿੰਤਲਨਾਰ ਲਿਜਾਇਆ ਗਿਆ, ਜਿਥੇ ਉਸਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਪੁਲਸ ਨੇ ਦਾਅਵਾ ਕੀਤਾ ਕਿ ਉਹ ਮਾਓਵਾਦੀ ਗੁਰੀਲਾ ਸੀ, ਜਿਹੜਾ ਝੜੱਪ ਦੌਰਾਨ ਮਾਰਿਆ ਗਿਆ। ਪਰ ਇੱਕ ਸੀਨੀਅਰ ਪੁਲਸ ਅਫਸਰ ਨੇ ਦੱਸਿਆ, ''ਇਹ ਲਾਸ਼ ਕਿਸੇ ਮਾਓਵਾਦੀ ਦੀ ਨਹੀਂ ਸੀ.. ..ਉਸਨੂੰ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਪੁਲਸ ਕੋਈ ਨਾ ਕੋਈ ਪ੍ਰਾਪਤੀ ਦਿਖਾਉਣਾ ਚਾਹੁੰਦੀ ਸੀ।'' ਪੁਲਸ ਅਫਸਰ ਮੁਤਾਬਕ ਉਸਨੂੰ ਇਹ ਜਾਣਕਾਰੀ ਇੱਕ ਕੋਇਆ ਕਮਾਂਡੋ ਵੱਲੋਂ ਦਿੱਤੀ ਗਈ।
16 ਮਾਰਚ ਨੂੰ ਕੋਇਆ ਕਮਾਂਡੋਆਂ ਦੇ ਇਸੇ ਜਥੇ ਨੇ ਤਾਰਮਿਤਲਾ ਪਿੰਡ ਨੂੰ ਘੇਰ ਲਿਆ ਅਤੇ 200 ਘਰ, ਅਨਾਜ ਭੰਡਾਰ ਅਤੇ ਲੱਕੜ ਦੇ ਸ਼ੈੱਡ ਸਾੜ ਦਿੱਤੇ। ਪਿੰਡ ਦੇ ਸਾਬਕਾ ਸਰਪੰਚ ਗੌਂਡਸੇ ਦੇਵ ਨੇ ਦੱਸਿਆ ਕਿ ਕੋਇਆ ਸਾਰੇ ਪਿੰਡ ਵਿੱਚ ਖੌਰੂ ਪਾਉਂਦੇ ਰਹੇ। ਘਾਹ ਦੀਆਂ ਛੱਤਾਂ ਨੂੰ ਅੱਗਾਂ ਲਾਉਂਦੇ ਰਹੇ। ਮੱਚਦੇ ਘਾਹ ਦੇ ਥੱਬੇ ਅਨਾਜ ਭੰਡਾਰੀਆਂ 'ਚ ਸੁੱਟਦੇ ਰਹੇ, ਭੋਜਨ, ਕੱਪੜੇ ਜ਼ਰੂਰੀ ਚੀਜ਼ਾਂ ਦੇ ਰਖਣਿਆਂ ਅਤੇ ਨੋਟਾਂ ਦੀ ਸਾੜ ਫੂਕ ਕਰਦੇ ਰਹੇ। ਸਰਪੰਚ ਨੇ ਦੱਸਿਆ ਕਿ ਪੁਲਸ ''ਪਿੰਡ ਦੇ ਦੋ ਬੰਦਿਆਂ ਮਾਦਵੀ ਹੈਂਡਾ ਅਤੇ ਮਾਦਵੀ ਆਇਤਾ ਨੂੰ ਚੁੱਕ ਕੇ ਲੈ ਗਈ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਹ ਕਿੱਥੇ ਹਨ। ਲੱਗਦੈ ਉਹ ਮਾਰੇ ਜਾ ਚੁੱਕੇ ਹਨ। ਮਾਦਵੀ ਹਿਦਮੇ ਨਾਂ ਦੀ ਇੱਕ ਔਰਤ ਨੇ ਆਪਣੇ ਸਭ ਗਹਿਣੇ ਅਤੇ ਧਨ ਇੱਕ ਥੈਲੇ ਵਿੱਚ ਪਾ ਕੇ ਜੰਗਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨੇ ਦੱਸਿਆ, ''ਚਾਰ ਕੋਇਆ ਐਸ.ਪੀ.ਓ. ਮੇਰੇ ਦੁਆਲੇ ਹੋ ਗਏ। ਉਹ ਮੈਨੂੰ ਲਾਠੀਆਂ ਨਾਲ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਮੈਂ ਬੇਹੋਸ਼ ਨਾ ਹੋ ਗਈ।.. ..ਜਦੋਂ ਮੈਨੂੰ ਹੋਸ਼ ਆਈ ਮੈਂ ਪੂਰੀ ਤਰ੍ਹਾਂ ਨੰਗੀ ਸਾਂ। ਮੇਰਾ ਥੈਲਾ ਗਾਇਬ ਹੋ ਚੁੱਕਿਆ ਸੀ।'' ਹਿਦਮੇ ਦੀ ਕੁੱਟਮਾਰ ਬਹੁਤ ਬੁਰੀ ਤਰ੍ਹਾਂ ਕੀਤੀ ਗਈ ਸੀ। ਉਸਦੇ ਚਿਹਰੇ ਦੇ ਖੱਬੇ ਪਾਸੇ ਅਜੇ ਡੂੰਘਾ ਜਖ਼ਮ ਸੀ ਅਤੇ ਉਹ ਆਪਣੀ ਖੱਬੀ ਅੱਖ ਨਾਲ ਦੇਖਣ ਦੇ ਕਾਬਲ ਨਹੀਂ ਸੀ। (ਦਾ ਹਿੰਦੂ, 23 ਮਾਰਚ, 2011)
ਸਵਾਮੀ ਅਗਨੀਵੇਸ਼ 'ਤੇ ਹਮਲਾ
ਛੱਤੀਸਗੜ੍ਹ ਪੁਲਸ ਦੇ ਸਪੈਸ਼ਲ ਪੁਲਸ ਅਫਸਰਾਂ ਅਤੇ ਸਲਵਾ ਜੁਦਮ ਦੇ ਮੈਂਬਰਾਂ ਦੇ ਵੱਡੇ ਜਥੇ ਨੇ ਸ਼ਨਿਚਰਵਾਰ ਨੂੰ ਸਮਾਜਕ ਕਾਰਕੁੰਨ ਸਵਾਮੀ ਅਗਨੀਵੇਸ਼ 'ਤੇ ਹਮਲਾ ਕਰ ਦਿੱਤਾ। ਸਵਾਮੀ ਅਗਨੀਵੇਸ਼ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਵੱਲੋਂ ਸਾੜੇ ਗਏ ਇੱਕ ਪਿੰਡ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਸਨ। 23 ਮਾਰਚ ਨੂੰ 'ਦੀ ਹਿੰਦੂ' ਨੇ ਰਿਪੋਰਟਾਂ ਅਤੇ ਫੋਟੋਆਂ ਛਾਪੀਆਂ ਸਨ। ਦੱਸਿਆ ਗਿਆ ਸੀ ਕਿ ਸਪੈਸ਼ਲ ਪੁਲਸ ਅਫਸਰਾਂ ਨੇ ਤਰਮਿਤਲਾ, ਤੀਮਾਪੁਰਮ ਅਤੇ ਮੋਰਪੱਲੀ ਨਾਂ ਦੇ ਤਿੰਨ ਪਿੰਡਾਂ 'ਚ ਹਮਲਾ ਕਰਕੇ ਤਿੰਨ ਸੌ ਘਰ, ਅਨਾਜ ਭੰਡਾਰੀਆਂ ਅਤੇ ਲੱਕੜ ਦੇ ਸ਼ੈੱਡ ਸਾੜ ਦਿੱਤੇ ਸਨ। ਤਿੰਨ ਬੰਦੇ ਮਾਰ ਦਿੱਤੇ ਸਨ ਅਤੇ ਤਿੰਨ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ। ਇਹ ਮਾਓਵਾਦੀਆਂ ਖਿਲਾਫ਼ ਪੰਜ ਰੋਜ਼ਾ ਪੁਲਸ ਅਪ੍ਰੇਸ਼ਨ ਦੌਰਾਨ ਵਾਪਰਿਆ। ਉਦੋਂ ਤੋਂ ਹੀ ਜ਼ਿਲ੍ਹਾ ਪੁਲਸ ਨੇ ਤਿੰਨੇ ਪਿੰਡ ਸੀਲ ਕੀਤੇ ਹੋਏ ਸਨ। ਜਿਹਨਾਂ ਪੱਤਰਕਾਰਾਂ ਨੇ ਇਹਨਾਂ ਪਿੰਡਾਂ ਵਿੱਚ ਪੁੱਜਣ ਦੀ ਕੋਸ਼ਿਸ਼ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਸ਼ਨਿਚਰਵਾਰ ਨੂੰ ਸ੍ਰੀ ਅਗਨੀਵੇਸ਼ ਕੱਪੜੇ, ਕੰਬਲ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਪੀੜਤ ਪਿੰਡਾਂ ਵੱਲ ਜਾ ਰਹੇ ਸਨ, ਜਦੋਂ ਉਹਨਾਂ ਉੱਤੇ ਦੋਰਨਾਪਲ ਦੇ ਸਲਵਾ ਜੁਦਮ ਕੈਂਪ ਨੇੜੇ 6 ਘੰਟਿਆਂ ਦੇ ਅੰਦਰ ਅੰਦਰ ਦੋ ਵਾਰੀ ਹਮਲਾ ਕੀਤਾ ਗਿਆ। ਸਲਵਾ ਜੁਦਮ ਛੱਤੀਸਗੜ੍ਹ ਦੀ ਸਰਕਾਰ ਵੱਲੋਂ ਸਿੱਖਿਅਤ ਅਤੇ ਹਥਿਆਰਬੰਦ ਕੀਤਾ ਕਬਾਇਲੀ ਗਰੁੱਪ ਹੈ, ਜਿਹੜਾ ਸੀ.ਪੀ.ਆਈ.(ਮਾਓਵਾਦੀ) ਖਿਲਾਫ ਲੜਾਈ ਲਈ ਜਥੇਬੰਦ ਕੀਤਾ ਗਿਆ ਹੈ। ਆਪਣੀਆਂ ਕਾਰਵਾਈਆਂ ਕਰਕੇ ਇਹ ਗਰੁੱਪ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਖਿਲਾਫ਼ ਸੁਪਰੀਮ ਕੋਰਟ ਵਿੱਚ ਦਰਜ਼ ਇੱਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਲਵਾ ਜੁਦਮ ਦੇ ਮੈਂਬਰ 537 ਕਤਲਾਂ, 99 ਬਲਾਤਕਾਰਾਂ ਅਤੇ ਲੁੱਟਮਾਰ ਦੀਆਂ 103 ਕਾਰਵਾਈਆਂ ਲਈ ਜੁੰਮੇਵਾਰ ਹਨ। ਇਸ ਗਰੁੱਪ ਨੇ ਅਤੇ ਕੋਇਆ ਕਮਾਂਡੋ ਦਸਤਿਆਂ ਨੇ ਸ੍ਰੀ ਅਗਨੀਵੇਸ਼ ਦੀ ਗੱਡੀ ਘੇਰ ਲਈ। ਉਹਨਾਂ ਉੱਤੇ ਅੰਡੇ ਅਤੇ ਪੱਥਰ ਵਰ੍ਹਾਏ, ਪੱਗੜੀ ਉਤਾਰ ਦਿੱਤੀ ਅਤੇ ਧੱਕੇ ਮਾਰੇ ਗਏ। ਸ੍ਰੀ ਅਗਨੀਵੇਸ਼ ਵੱਲੋਂ ਇਹ ਜਾਣਕਾਰੀ ਇੱਕ ਟੈਲੀਫੋਨ ਇੰਟਰਵਿਊ ਰਾਹੀਂ ਦਿੱਤੀ ਗਈ ਹੈ। ਅਗਨੀਵੇਸ਼ ਨੇ ਦੱਸਿਆ ਕਿ ਹਮਲਾਵਰਾਂ ਨੇ ਸਾਰੀ ਰਾਹਤ ਸਮੱਗਰੀ 'ਤੇ ਵੀ ਕਬਜ਼ਾ ਕਰ ਲਿਆ। ਮੌਕੇ 'ਤੇ ਮੌਜੂਦ ਪੱਤਰਕਾਰਾਂ ਦੀ ਵੀ ਖਿੱਚਧੂਹ ਕੀਤੀ ਗਈ। ਰਿਪੋਰਟਰਾਂ ਅਨੁਸਾਰ ਪੱਤਰਕਾਰਾਂ 'ਤੇ ਹਮਲਾ ਹੋਇਆ ਅਤੇ ਕਈ ਕੈਮਰੇ ਤੋੜ ਦਿੱਤੇ ਗਏ। ਮੌਕੇ ਦੇ ਗਵਾਹਾਂ ਮੁਤਾਬਕ ਕੁੱਟਮਾਰ ਦੀ ਲਪੇਟ ਵਿੱਚ ਆਉਣ ਵਾਲਿਆਂ ਵਿੱਚ ਜੀ-24 ਟੀਵੀ ਚੈਨਲ ਦਾ ਪੱਤਰਕਾਰ ਨਰੇਸ਼ ਮਿਸ਼ਰਾ ਵੀ ਸ਼ਾਮਲ ਸੀ।
ਦਾਂਤੇਵਾੜਾ ਦੇ ਐਸ.ਐਸ.ਪੀ. ਐਸ.ਆਰ.ਪੀ. ਕਲੂਰੀ ਨੂੰ ਬਦਲ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਬੁਲਾਰੇ ਐਨ. ਵਜਿੰਦਰ ਕੁਮਾਰ ਨੇ ਪੁਸ਼ਟੀ ਕੀਤੀ ਕਿ ਦਾਂਤੇਵਾੜਾ ਦਾ ਕੁਲੈਕਟਰ ਆਰ. ਪ੍ਰਸੰਨਾ ਵੀ ਬਦਲ ਦਿੱਤਾ ਗਿਆ ਹੈ। ਪੁਲਸ ਦੇ ਡਾਇਰੈਕਟਰ ਜਨਰਲ ਅਨੁਸਾਰ ਇਹ ਬਦਲੀਆਂ ਤਿੰਨਾਂ ਪਿੰਡਾਂ ਦੀਆਂ ਘਟਨਾਵਾਂ ਸਬੰਧੀ ਨਿਰਪੱਖ ਜਾਂਚ ਦਾ ਰਾਹ ਪੱਧਰਾ ਕਰਨ ਲਈ ਕੀਤੀਆਂ ਗਈਆਂ ਹਨ। (ਦੀ ਹਿੰਦੂ, 27 ਮਾਰਚ, 2011)
ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਾਂਤੇਵਾੜਾ ਵਿੱਚ ਸਮਾਜਕ ਕਾਰਕੁੰਨ ਸਵਾਮੀ ਅਗਨੀਵੇਸ਼ ਅਤੇ ਪੱਤਰਕਾਰਾਂ 'ਤੇ ਹੋਏ ਹਮਲੇ ਸਬੰਧੀ ਛੱਤੀਸਗੜ੍ਹ ਸਰਕਾਰ ਅਤੇ ਪੁਲਸ ਨੂੰ ਚਾਰ ਹਫਤਿਆਂ ਦੇ ਅੰਦਰ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ ਅਤੇ ਇਹਨਾਂ ਘਟਨਾਵਾਂ ਨੂੰ ''ਡੂੰਘੀ ਚਿੰਤਾ'' ਦਾ ਮਾਮਲਾ ਕਰਾਰ ਦਿੱਤਾ ਹੈ।
ਕਮਿਸ਼ਨ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, ''ਮੀਡੀਆ ਰਿਪੋਰਟ ਵਿੱਚ ਉਠਾਏ ਨੁਕਤਿਆਂ 'ਤੇ ਗੌਰ ਕਰਦਿਆਂ ਕਮਿਸ਼ਨ ਇਸ ਸਿੱਟੇ 'ਤੇ ਪੁੱਜਿਆ ਹੈ ਕਿ ਸਾਰਾ ਘਟਨਾਕਰਮ ਗਹਿਰੇ ਸਰੋਕਾਰ ਦਾ ਮਾਮਲਾ ਬਣਦਾ ਹੈ। ਛੱਤੀਸਗੜ੍ਹ ਦੇ ਮੁੱਖ ਸਕੱਤਰ ਅਤੇ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਚਾਰ ਹਫਤਿਆਂ ਦੇ ਅੰਦਰ ਤੱਥ ਰਿਪੋਰਟ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ।'' (ਪੀ.ਟੀ.ਆਈ. 30 ਮਾਰਚ, 2011)
ਤਾਜ਼ਾ ਰਿਪੋਰਟਾਂ ਅਨੁਸਾਰ ਸੁਪਰੀਮ ਕੋਰਟ ਨੇ ਅੱਜ ਵਿਚਾਰ ਪ੍ਰਗਟ ਕੀਤਾ ਕਿ ਸਮਾਜਕ ਕਾਰਕੁੰਨ ਸਵਾਮੀ ਅਗਨੀਵੇਸ਼ 'ਤੇ ਸਲਵਾ ਜੁਦਮ ਦੇ ਕਰਿੰਦਿਆਂ ਵੱਲੋਂ ਕੀਤੇ ਹਮਲੇ ਦੀ ਹਾਈਕੋਰਟ ਦੇ ਜੱਜ ਵੱਲੋਂ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ। ਅਦਾਲਤ ਨੇ ਨਕਸਲ ਵਿਰੋਧੀ ਅਪ੍ਰੇਸ਼ਨਾਂ ਲਈ ਕੋਇਆ ਕਮਾਂਡੋ ਸਪੈਸ਼ਲ ਪੁਲਸ ਅਫਸਰ ਤਾਇਨਾਤ ਕਰਨ ਦੇ ਤਰੀਕੇ ਅਤੇ ਹਾਲਤਾਂ ਬਾਰੇ ਵੀ ਕਿੰਤੂ ਕੀਤਾ। ਇਸ ਸਪੈਸ਼ਲ ਪੁਲਸ ਅਫਸਰ ਗਰੁੱਪ ਨੂੰ ਕੋਇਆ ਕਮਾਂਡੋ ਨਾਂ ਦਾਂਤੇਵਾੜਾ ਖੇਤਰ ਦੇ ਇੱਕ ਕਬੀਲੇ ਦੇ ਨਾਂ ਦੇ ਅਧਾਰ 'ਤੇ ਦਿੱਤਾ ਗਿਆ ਹੈ। ਇਸ ਵਜਾਹ ਕਰਕੇ ਹਰ ਕਿਸਮ ਦੇ ਸਮਾਜਕ ਕਾਰਕੁੰਨਾਂ ਨੇ ਛੱਤੀਸਗੜ੍ਹ ਸਰਕਾਰ ਦੀ ਅਲੋਚਨਾ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਸਰਕਾਰ ਆਪਣੇ ਸੂਬੇ ਵਿੱਚ ਘਰੇਲੂ ਜੰਗ ਵਰਗੀਆਂ ਹਾਲਤਾਂ ਪੈਦਾ ਕਰ ਰਹੀ ਹੈ। ਇੱਕ ਕਬੀਲੇ ਨੂੰ ਦੂਜੇ ਕਬੀਲੇ ਦੇ ਉਲਟ ਖੜ੍ਹਾ ਕਰ ਰਹੀ ਹੈ ਅਤੇ ਪੇਂਡੂ ਜਨਤਾ ਦੇ ਇੱਕ ਸਮੂਹ ਨੂੰ ਦੂਜੇ ਸਮੂਹ ਨੂੰ ਨਿਸ਼ਾਨਾ ਬਣਾਉਣ ਖਾਤਰ ਵਰਤ ਰਹੀ ਹੈ।
ਜਸਟਿਸ ਬੀ. ਸੁਰਦਰਸ਼ਨ ਰੈਡੀ ਅਤੇ ਐਸ.ਐਸ. ਨਿੱਝਰ ਦੇ ਬੈਂਚ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹ ਕੋਇਆ ਕਮਾਂਡੋ ਦਸਤੇ ਕਾਇਮ ਕਰਨ ਬਾਰੇ ਅਦਾਲਤ ਕੋਲ ਹਲਫੀਆ ਬਿਆਨ ਦਾਇਰ ਕਰੇ ਅਤੇ ਇਹ ਵੀ ਦੱਸੇ ਕਿ ਇਹਨਾਂ ਦਸਤਿਆਂ ਨੂੰ ਹਥਿਆਰ ਅਤੇ ਸਿੱਕਾ ਬਾਰੂਦ ਕਿਹੜੇ ਕਾਨੂੰਨਾਂ ਤਹਿਤ ਸਪਲਾਈ ਕੀਤਾ ਜਾ ਰਿਹਾ ਹੈ।
ਅਦਾਲਤ ਕੋਲ ਸਮਾਜ ਵਿਗਿਆਨੀ ਨੰਦਨੀ ਸੁੰਦਰ, ਇਤਿਹਾਸਕਾਰ ਰਾਮ ਚੰਦਰ ਗੁਹਾ ਅਤੇ ਸਾਬਕਾ ਸਰਕਾਰੀ ਅਫਸਰ ਈ.ਏ.ਐਸ. ਸਰਨਾ ਅਤੇ ਹੋਰਨਾਂ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਹ ਸੂਬਾ ਸਰਕਾਰ ਨੂੰ ਸਲਵਾ ਜੁਦਮ ਦੀ ਹਮਾਇਤ ਬੰਦ ਕਰਨ ਦੀ ਹਦਾਇਤ ਕਰੇ। (ਪੀ.ਟੀ.ਆਈ.)
ਪੀ.ਯੂ.ਸੀ.ਐਲ. ਦਾ ਪ੍ਰਤੀਕਰਮ
ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼ 26 ਮਾਰਚ ਨੂੰ ਸਵਾਮੀ ਅਗਨੀਵੇਸ਼ ਅਤੇ ਆਰਟ ਆਫ ਲਿਵਿੰਗ (ਜੀਵਨ ਜਾਚ) ਜਥੇਬੰਦੀ ਨਾਲ ਸਬੰਧਤ ਅਧਿਆਪਕਾਂ ਅਜੈ ਸਿੰਘ ਅਤੇ ਰਿਸ਼ੀ ਮਿਲਿੰਦ ਉੱਤੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਪਿੰਡ ਦੋਰਨਾਪਲ 'ਚ ਹੋਏ ਹਮਲੇ ਦੀ ਸਪਸ਼ਟ ਨਿਖੇਧੀ ਕਰਦੀ ਹੈ। ਪੀ.ਯੂ.ਸੀ.ਐਲ. ਮੁਤਾਬਕ ਸਵਾਮੀ ਅਗਨੀਵੇਸ਼ 'ਤੇ ਹੋਇਆ ਹਮਲਾ ਛੱਤੀਸਗੜ੍ਹ ਹਕੂਮਤ ਦੇ ਮਨਸੂਬੇ ਦਾ ਹਿੱਸਾ ਹੈ। ਇਹ ਇਸ ਖੇਤਰ ਦੇ ਕਬਾਇਲੀ ਲੋਕਾਂ ਖਿਲਾਫ ਚਲਾਏ ਜਾ ਰਹੇ ਅਪ੍ਰੇਸ਼ਨ ਗਰੀਨ ਹੰਟ ਬਾਰੇ ਕਿਸੇ ਵੀ ਸੂਚਨਾ ਨੂੰ ਸਾਹਮਣੇ ਆਉਣ ਤੋਂ ਰੋਕਣਾ ਚਾਹੁੰਦੀ ਹੈ। ਇਹ ਉਸ ਖੁੱਲ੍ਹ-ਖੇਡ ਦੀ ਸਪਸ਼ਟ ਮਿਸਾਲ ਹੈ ਜਿਹੜੀ ਇਸ ਖੇਤਰ ਵਿੱਚ ਪੁਲਸ ਅਤੇ ਨੀਮ-ਫੌਜੀ ਬਲਾਂ ਨੂੰ ਹਾਸਲ ਹੈ। ਪੀ.ਯੂ.ਸੀ.ਐਲ. ਦੋ ਦਿਨ ਪਹਿਲਾਂ ਦੀਆਂ ਉਹਨਾਂ ਘਟਨਾਵਾਂ ਦੀ ਵੀ ਨਿਖੇਧੀ ਕਰਦੀ ਹੈ, ਜਦੋਂ ਬਸਤਰ ਦੇ ਕਮਿਸ਼ਨਰ ਸ੍ਰੀ ਨਿਵਾਸਲੂ ਅਤੇ ਦਾਂਤੇਵਾੜਾ ਦੇ ਜ਼ਿਲ੍ਹਾ ਕੁਲੈਕਟਰ ਆਰ. ਪ੍ਰਸੰਨਾ ਨੂੰ 24 ਮਾਰਚ ਨੂੰ ਪੱਲਮਪੱਲੀ ਵਿਖੇ ਸਲਵਾ ਜੁਦਮ ਦੇ ਕਾਰਕੁੰਨਾਂ ਵੱਲੋਂ ਘੇਰਿਆ ਗਿਆ। ਇਹ ਅਧਿਕਾਰੀ ਪੁਲਸ ਜ਼ੁਲਮਾਂ ਦਾ ਸ਼ਿਕਾਰ ਹੋਏ ਤਿੰਨ ਪਿੰਡਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਸਨ। ਸਲਵਾ ਜੁਦਮ ਦੇ ਸਪੈਸ਼ਲ ਪੁਲਸ ਅਫਸਰਾਂ ਨੇ ਕਿਹਾ ਕਿ ਉਹ ਪੁਲਸ ਦੇ ਡੀ.ਆਈ.ਜੀ. ਤੋਂ ਬਿਨਾ ਹੋਰ ਕਿਸੇ ਦੇ ਕਹਿਣ 'ਤੇ ਰਸਤਾ ਨਹੀਂ ਛੱਡਣਗੇ। ਮੌਕੇ ਦੇ ਗਵਾਹਾਂ ਅਨੁਸਾਰ ਅਧਿਕਾਰੀਆਂ ਨੇ ਆਪਣੀ ਸੁਰੱਖਿਆ ਫੋਰਸ ਰਾਹੀਂ ਰਸਤਾ ਖਾਲੀ ਕਰਵਾਇਆ ਅਤੇ ਸਪਲਾਈ ਲੈ ਕੇ ਅੱਗੇ ਚੱਲ ਪਏ। ਪਰ, ਚਿੰਤਾਗੁਫਾ ਤੱਕ ਪੁੱਜਣ 'ਤੇ ਹੀ ਰਾਏਪੁਰ ਤੋਂ ਉਹਨਾਂ ਤੋਂ ਉਪਰਲੇ ਅਧਿਕਾਰੀਆਂ ਦੇ ਹੁਕਮ ਆ ਗਏ ਕਿ ਉਹ ਅੱਗੇ ਨਾ ਜਾਣ। ਪਰ ਕੁਲੈਕਟਰ ਨੇ ਲੋਕਾਂ ਪ੍ਰਤੀ ਆਪਣੀ ਡਿਊਟੀ ਬਾਰੇ ਸਮਝੌਤਾ ਨਾ ਕੀਤਾ ਅਤੇ ਐਸ.ਡੀ.ਐਮ. ਐਸ.ਪੀ. ਵੈਦ ਨੂੰ ਰਾਹਤ ਸਮੱਗਰੀ ਦੇ ਕੇ ਤਿੰਨਾਂ ਪਿੰਡਾਂ ਵੱਲ ਭੇਜ ਦਿੱਤਾ। ਰਾਸ਼ਣ ਅਤੇ ਹੋਰ ਜ਼ਰੂਰੀ ਚੀਜ਼ਾਂ ਤੋਂ ਇਲਾਵਾ, ਤਦਮੇਤਲਾ ਪਿੰਡ ਦੇ ਲੋਕਾਂ ਨੂੰ ਚਾਰ ਲੱਖ ਰੁਪਏ ਵੀ ਵੰਡੇ ਗਏ। ਮੁੜਦੇ ਹੋਏ ਪਾਲਮਪੱਲੀ ਵਿਖੇ ਉਸੇ ਗਰੁੱਪ ਵੱਲੋਂ ਐਸ.ਡੀ.ਐਮ. ਦੀ ਖਿੱਚ-ਧੂਹ ਕੀਤੀ ਗਈ, ਗਾਲ੍ਹਾਂ ਕੱਢੀਆਂ ਗਈਆਂ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਸ ਨੇ ਪਿੰਡਾਂ ਵਿੱਚ ਰਾਹਤ ਪਹੁੰਚਾਉਣ ਦੀ ਹਿੰਮਤ ਕਿਵੇਂ ਕੀਤੀ?
ਪੀ.ਯੂ.ਸੀ.ਐਲ. ਦਾ ਵਿਚਾਰ ਹੈ ਕਿ ਪੱਤਰਕਾਰਾਂ, ਕਾਰਕੁੰਨਾਂ ਅਤੇ ਖੋਜੀਆਂ 'ਤੇ ਹਮਲਿਆਂ ਅਤੇ ਉਹਨਾਂ ਨੂੰ ਇਲਾਕੇ ਵਿੱਚ ਜਾਣੋਂ ਰੋਕਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਸੰਨ 2009 ਤੋਂ ਜਦੋਂ ਅਪ੍ਰੇਸ਼ਨ ਗਰੀਨ ਹੰਟ ਸ਼ੁਰੂ ਹੋਇਆ, ਉਦੋਂ ਤੋਂ ਛੱਤੀਸਗੜ੍ਹ ਸਰਕਾਰ ਲੋਕਾਂ, ਕਾਰਕੁੰਨਾਂ ਅਤੇ ਪੱਤਰਕਾਰਾਂ ਦਾ ਇਲਾਕੇ ਵਿੱਚ ਦਾਖਲਾ ਰੋਕਦੀ ਆ ਰਹੀ ਹੈ। ਅਜਿਹਾ ਸਲਵਾ ਜੁਦਮ, ਸਪੈਸ਼ਲ ਪੁਲਸ ਅਫਸਰਾਂ ਅਤੇ ਮਾਓਵਾਦੀ ਹਿੰਸਾ ਦੇ ਪੀੜਤਾਂ ਨੂੰ ਵਰਤ ਕੇ ਕੀਤਾ ਜਾਂਦਾ ਹੈ। ''ਸੁਤੇਸਿੱਧ ਪ੍ਰਤੀਕਰਮ'' ਦੇ ਖਤਰੇ ਦੇ ਨਾਂ ਹੇਠ ਪੜਤਾਲੀਆ ਟੋਲੀਆਂ ਨੂੰ ਇਲਾਕੇ ਵਿੱਚ ਜਾਣੋਂ ਰੋਕਿਆ ਜਾਂਦਾ ਹੈ ਅਤੇ ਇਉਂ ਗਰੁੱਪ ਦਹਿਸ਼ਤ ਨੂੰ ਖੁੱਲ੍ਹੀ ਮਾਨਤਾ ਦਿੱਤੀ ਜਾਂਦੀ ਹੈ। 15 ਦਸੰਬਰ 2009 ਨੂੰ ਜਦੋਂ ਮੁਲਕ ਭਰ 'ਚੋਂ ਪੁੱਜੇ ਔਰਤਾਂ ਦੇ ਗਰੁੱਪਾਂ ਨੇ ਸਮਸੇਤੀ ਬਲਾਤਕਾਰ ਕੇਸ ਦੀ ਜਾਂਚ ਅਤੇ ਪੀੜਤਾਂ ਨੂੰ ਮਿਲਣ ਲਈ ਦਾਂਤੇਵਾੜਾ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਲਵਾ ਜੁਦਮ ਦੇ ਲਸ਼ਕਰ ਅਤੇ ਸਪੈਸ਼ਲ ਪੁਲਸ ਅਫਸਰਾਂ ਵੱਲੋਂ ਉਹਨਾਂ ਨੂੰ ਰੋਕ ਕੇ ਬੁਰੀ ਤਰ੍ਹਾਂ ਖੱਜਲ-ਖੁਆਰ ਕੀਤਾ ਗਿਆ। ਉਹਨਾਂ ਨੂੰ ਆਪਣਾ ਦੌਰਾ ਛੱਡ ਕੇ ਵਾਪਸ ਆਉਣਾ ਪਿਆ।
29 ਦਸੰਬਰ 2009 ਤੋਂ ਪਹਿਲੀ ਜਨਵਰੀ 2010 ਤੱਕ ਪ੍ਰੋਫੈਸਰ ਨੰਦਨੀ ਸੁੰਦਰ ਅਤੇ ਉੱਜਲ ਸਿੰਘ ਨੂੰ ਦਾਂਤੇਵਾੜਾ ਦੇ ਇੱਕ ਹੋਟਲ ਦੇ ਕਮਰੇ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਉਹ ਸੁਕਮਾਂ ਹੋਟਲ ਵਿੱਚ ਕਮਰੇ ਲੈਣ ਲਈ ਗਏ ਤਾਂ ਉਹਨਾਂ ਨੂੰ ਦੋ ਘੰਟੇ ਬਾਹਰ ਹੀ ਰੋਕੀ ਰੱਖਿਆ ਗਿਆ ਅਤੇ ਕਮਰੇ ਨਾ ਲੈਣ ਦਿੱਤੇ ਗਏ। ਸਪੈਸ਼ਲ ਪੁਲਸ ਅਫਸਰਾਂ ਨੇ ਉਹਨਾਂ ਦੀ ਬੇਇੱਜਤੀ ਕੀਤੀ, ਜਿਥੇ ਵੀ ਉਹ ਗਏ ਐਸ.ਪੀ.ਓ. ਉਹਨਾਂ ਦੇ ਮਗਰ ਮਗਰ ਜਾਂਦੇ ਰਹੇ। ਇਥੋਂ ਤੱਕ ਕਿ ਜਦੋਂ ਉਹ ਇੱਕ ਕਾਲਜ ਹੋਸਟਲ ਦੇ ਕਮਰਿਆਂ ਵਿੱਚ ਗਏ ਤਾਂ ਐਸ.ਪੀ.ਓ. ਧੱਕੇ ਨਾਲ ਉਹਨਾਂ ਕਮਰਿਆਂ ਵਿੱਚ ਵੀ ਦਾਖਲ ਹੋ ਗਏ। ਇਸੇ ਤਰ੍ਹਾਂ 6 ਜਨਵਰੀ 2010 ਨੂੰ ਜਦੋਂ 35 ਵਿਅਕਤੀਆਂ ਦੀ ਇੱਕ ਟੀਮ ਮੇਧਾ ਪਾਟੇਕਰ ਦੀ ਅਗਵਾਈ ਵਿੱਚ ਕਬਾਇਲੀ 'ਤੇ ਪੁਲਸ ਵਧੀਕੀਆਂ ਬਾਰੇ ਇੱਕ ਜਨਤਕ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਗਈ ਤਾਂ ਉਹਨਾਂ ਉੱਤੇ ਦਾਂਤੇਵਾੜਾ ਦੀਆਂ ਗਲੀਆਂ ਵਿੱਚ ਅੰਡੇ ਅਤੇ ਟਮਾਟਰ ਵਰ੍ਹਾਏ ਗਏ। ਕਿੰਨੇ ਹੀ ਕਬਾਇਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹੋ ਸਲੂਕ ਅਪ੍ਰੈਲ 2010 ਵਿੱਚ ਪ੍ਰੋਫੈਸਰ ਯਸ਼ਪਾਲ ਦੀ ਅਗਵਾਈ ਵਿੱਚ ਦਾਂਤੇਵਾੜਾ ਗਈ 40 ਬੁੱਧੀਜੀਵੀਆਂ ਦੀ ਟੀਮ ਨਾਲ ਕੀਤਾ ਗਿਆ।
ਇਹ ਗੱਲ ਜਾਣੀ-ਪਛਾਣੀ ਹੈ ਕਿ ਪੱਤਰਕਾਰਾਂ ਨੂੰ ਰਿਪੋਰਟ ਹਾਸਲ ਕਰਨ ਲਈ ਇਲਾਕਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੂੰ ਸਭਨਾਂ ਪਾਸਿਆਂ ਤੋਂ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਵੀ ਉਹਨਾਂ ਨੇ ਸੂਚਨਾ ਪ੍ਰਵਾਹ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਘਟਨਾਵਾਂ ਦੀ ਗਿਣਤੀ ਬਹੁਤ ਹੈ। 20-21 ਮਾਰਚ ਨੂੰ ਜਦੋਂ ਹਿੰਦੂ ਅਤੇ ਟਾਈਮਜ਼ ਆਫ ਇੰਡੀਆ ਅਖਬਾਰਾਂ ਦੇ ਪੱਤਰਕਾਰਾਂ ਨੇ ਕਬਾਇਲੀਆਂ 'ਤੇ ਹਮਲਿਆਂ ਸਬੰਧੀ ਜਾਣਕਾਰੀ ਲੈਣ ਲਈ ਇਸ ਇਲਾਕੇ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰੋਕ ਲਿਆ ਗਿਆ। ਉਹ ਘੁੰਮ-ਘੁਮਾ ਕੇ ਗੰਦੀਆਂ-ਮੰਦੀਆਂ ਸੜਕਾਂ ਰਾਹੀਂ ਪਿੰਡਾਂ ਵਿੱਚ ਪੁੱਜੇ।
(ਪ੍ਰਭਾਕਰ ਸਿਨਹਾ, ਪ੍ਰਧਾਨ 26 ਮਾਰਚ 2011